Saturday, 11 January 2014

 ਕਫ਼ਨ

ਇਕ ਦਿਨ ਗੁਰੂ ਕਲਗੀਆਂ ਵਾਲੇ
ਦੋ ਆਲਮ ਦੇ ਜੋ ਰਖ਼ਵਾਲੇ
ਬੈਠੇ ਸੀ ਦਰਬਾਰ ਸਜਾ ਕੇ
ਰਹਿਮਤ ਦੀ ਇਕ ਸ਼ਮਾ ਜਲਾਕੇ
ਇਤਨੇ ਵਿਛ ਇਕ ਬੁਢੀ ਮਾਈ
ਸਤਿਗੁਰੂ ਦੇ ਦਰਬਾਰ 'ਚ ਆਈ
ਆ ਪਹੁੰਚੀ ਦਰਬਾਰ 'ਚ ਅਗੇ
ਉਸ ਸੱਚੀ ਸਰਕਾਰ ਦੇ ਅਗੇ
ਸ਼ਰਧਾ ਨਾਲ ਉਸ ਸੀਸ ਝੁਕਾਇਆ
ਉਸ ਮਾਲਕ ਦਾ ਸ਼ੁਕਰ ਵਜਾਇਆ
ਸਤਿਗੁਰੂ ਬੋਲੇ ਧੰਨ ਹੈ ਮਾਈ
ਧੰਨ ਹੈ ਤੇਰੀ ਧਰਮ ਕਮਾਈ
ਸੁਬ੍ਹਾ ਸਵੇਰੇ ਸਤਿਸੰਗ ਮੇ ਆਨਾ
ਉਸ ਮਾਲਕ ਕਾ ਸ਼ੁਕਰ ਬਜਾਨਾ
ਤੇਰੀ ਭਗਤੀ ਪਰਵਾਨ ਹੋਈ ਹੈ
ਹਰ ਮੁਸ਼ਕਲ ਆਸਾਂਨ ਹੋਈ ਹੈ
ਜੋ ਭੀ ਚਾਹੇ ਮਾਂਗ ਲੇ ਮਾਤਾ
ਤੁਝ ਕੋ ਦੇਂਗੇ ਆਪ ਵਿਧਾਤਾ
ਮਾਤਾ ਬੋਲੀ ਹੇ ਮੇਰੇ ਸੁਆਮੀ
ਸਗਲ ਘਟਾ ਕੇ ਅੰਤਰਜਾਮੀ
ਯੇ ਜੀਵਨ ਹੈ ਖ਼ਾਕ ਕੀ ਢੇਰੀ
ਬਸ ਅਬ ਏਕ ਤਮੰਨਾ ਮੇਰੀ
ਇਸ ਪਿੰਜਰ ਕੋ ਜਬ ਮੈਂ ਛੋੜੂ
ਤੇਰੇ ਹੱਥ ਤੋਂ ਕਫ਼ਨ ਮੈਂ ਔੜੂ
ਸਤਿਗੁਰੂ ਸੋਚ 'ਚ ਪੈ ਗਏ ਸੁਨਕਰ
ਬੋਲੇ ਯੇ ਕਿਆ ਮਾਂਗਾ ਚੁਨਕਰ
ਨਿਕਲੇਗੇ ਜਬ ਪ੍ਰਾਣ ਯੇਹ ਤੇਰੇ
ਹੋਂਗੇ ਮੇਰੇ ਚਮਕੌਰ ਮੇ ਡੇਰੇ
ਇਕ ਦਿਨ ਦੇਖੋ ਗੁਰੂ ਕੀ ਮਾਇਆ
ਅੰਤ ਸਮਾਂ ਬੁਢੜੀ ਦਾ ਆਇਆ
ਹਮਰੀ ਕਰੋ ਹਾਥ ਦੇ ਰਛਿਆ
ਪੂਰਣ ਹੋਏ  ਚਿਤ ਕੀ ਇੱਛਾ
ਸ਼ਰਧਾ ਸੇ ਜਬ ਕੀ ਅਰਦਾਸ
ਸਤਿਗੁਰੂ ਪਹੁੰਚੇ ਬੁੜੀਆ ਕੇ ਪਾਸ
ਇਧਰ ਹੈ ਤੇਰੀ ਅੰਤਮ ਘੜੀਆਂ
ਊਧਰ ਲਾਲੋਂ ਕੀ ਟੂਟੀ ਲੜੀਆਂ
ਇਧਰ ਤੇਰੀ ਬੁਝ ਰਹੀ ਹੈ ਜੋਤੀ
ਉਧਰ ਹੈ ਮੇਰੇ ਬਿਖ਼ਰੇ ਹੈ ਮੋਤੀ
ਮੇਰੀ ਅੱਖਾਂ ਦੇ ਦੋ ਚੰਦੇ
 ਗਲੇ ਮੇਂ ਡਾਲੇ ਮੌਤ ਦੇ ਫੰਦੇ
ਦੀਵਾਰ ਮੇਂ ਵੋ ਮੁਸਕਰਾਤੇ ਹੋਗੇ
ਵਾਹਿਗੁਰੂ ਫਤਿਹ ਬੁਲਾਤੇ ਹੋਗੇ
ਉਧਰ ਮੇਰੇ ਰਣ ਮੇ ਦੋ ਬੇਟੇ
ਬਿਨਾ ਕਫ਼ਨ ਕੇ ਜੋ ਹੈਂ ਲੇਟੇ
ਉਨ੍ਹਕੋ ਤਨ੍ਹਾ ਛੋੜ ਆਇਆ ਹੂੰ
ਤੇਰੇ ਲੀਏ ਕਫ਼ਨ ਲਾਇਆ ਹੂੰ
ਅਪਨੀ ਕਮਰ ਸੇ ਕਪੜਾ ਖੋਲ੍ਹਾ
ਫਿਰ ਯੂ ਮਰਦ ਮੁਜਾਹਿਦ ਬੋਲਾ
ਸਭ ਪਰਵਾਰ ਲੂਟਾ ਆਇਆ ਹੂੰ
ਪਰ ਯੇਹ ਕਫ਼ਨ ਬਚਾ ਲਾਇਆ ਹੂੰ
ਪਹੂੰਚ ਗਈ ਸੱਚ-ਖੰਡ ਮੇ ਮਾਤਾ
ਦੇ ਗਏ ਮੁੱਕਤੀ,,,,,,,,,,,ਮੁੱਕਤੀ-ਦਾਤਾ


ਗੁਰਪ੍ਰੀਤ ਕੌਰ
ਬੀ.ਏ.(ਆਨਜ਼)ਇੰਗਲਿਸ਼

ਕਾਲਜ ਦੀ ਵਿਦਿਆਰਥਣ ਵਲੋਂ ਕੀਤਾ ਗਿਆ ਸ਼ਲਾਘਾਯੋਗ ਉਪਰਾਲਾ....ਜਿਸ ਤੋਂ ਪਤਾ ਚਲਦਾ ਹੈ ਕਿ ਪਾਠਕ ਸਾਹਿਤ ਨੂੰ ਪੜ੍ਹਦਾ ਹੀ ਨਹੀਂ ਉਸ ਤੋਂ ਮਾਰਗ ਦਰਸ਼ਨ ਵੀ ਲੈਂਦਾ ਹੈ....ਇਹੋ ਕਾਰਣ ਹੈ ਕਿ ਬਚਪਨ ਵਿੱਚ ਪੜ੍ਹੀ ਕਵਿਤਾ ਗੁਰਪ੍ਰੀਤ ਨੂੰ ਅੱਜ ਵੀ ਆਪਣੇ ਨਾਲੋਂ ਵੱਖ ਨਹੀਂ ਹੋਣ ਦੇਂਦੀ..... ਕਵੀ ਤੇ ਪਾਠਕ ਦੋਨਾਂ ਨੂੰ ਸ਼ਾਬਾਸ਼

 ਵਿਦਿਆਰਥੀਆਂ ਨੂੰ ਬੇਨਤੀ ਕਿ ਬਲਾਗ ਨਾਲ ਜੁੜਨ ਤੇ ਆਪਣੇ ਅਨੁਭਵ ਸਾਂਝੇ ਕਰਨ......


ਡਾ.ਗੁਰਿੰਦਰ ਸਿੰਘ

Sunday, 5 January 2014


 ਗੁਰਪੁਰਬ ਦੀ ਲੱਖ-ਲੱਖ,,,,......,,,,, ਵਧਾਈ.......ਆਓ ਇਸ ਕਵਿਤਾ ਨੂੰ ਪੜ੍ਹੀਏ ਤੇ ਵਿਚਾਰੀਏ......ਵਾਹਿਗੁਰੂ ਜੀ ਦਾ ਖ਼ਾਲਸਾ,ਵਾਹਿਗੁਰੂ ਜੀ ਦੀ ਫਤਿਹ..............


ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ
ਤੇਰੀ ਆਰਤੀ ਗਾਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ
ਮੰਗਣ ਗੀਤ ਅੱਜ ਜਾਵਾਂ
ਜੋ ਤੈਨੂੰ ਕਰਨ ਲਈ ਭੇਟਾ
ਮੈਂ ਤੇਰੇ ਦੁਆਰੇ 'ਤੇ ਆਵਾਂ

ਮੇਰਾ ਕੋਈ ਗੀਤ ਨਹੀਂ ਐਸਾ
ਜੋ ਤੇਰੇ ਮੇਚ ਆ ਜਾਵੇ
ਭਰੇ ਬਾਜ਼ਾਰ ਵਿਚ ਜਾ ਕੇ
ਜੋ ਆਪਣਾ ਸਿਰ ਕਟਾ ਆਵੇ
ਜੋ ਆਪਣੇ ਸੋਹਲ ਛਿੰਦੇ ਬੋਲ
ਨੀਂਹਾਂ ਵਿਚ ਚਿਣਾ ਆਵੇ
ਤਿਹਾਏ ਸ਼ਬਦ ਨੂੰ ਤਲਵਾਰ ਦਾ
ਪਾਣੀ ਪਿਆ ਆਵੇ
ਜੋ ਲੁੱਟ ਜਾਵੇ ਤੇ ਮੁੜ ਵੀ
ਯਾਰੜੇ ਦੇ ਸੱਥਰੀਂ ਗਾਵੇ

ਚਿੜੀ ਦੇ ਖੰਭ ਦੀ ਲਲਕਾਰ
ਸੌ ਬਾਜਾਂ ਨੂੰ ਖਾ ਜਾਵੇ
ਮੈਂ ਕਿੰਜ ਤਲਵਾਰ ਦੀ ਗਾਨੀ
ਅੱਜ ਆਪਣੇ ਗੀਤ ਗਲ ਪਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹੜਾ ਗੀਤ ਅੱਜ ਗਾਵਾਂ
ਮੈ ਕਿਹੜੇ ਬੋਲ ਦੀ ਭੇਟਾ
ਲੈ ਤੇਰੇ ਦੁਆਰ 'ਤੇ ਆਵਾਂ
ਮੇਰੇ ਗੀਤਾਂ ਦੀ ਮਹਿਫ਼ਲ 'ਚੋਂ
ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸੀਸ ਮੰਗਣ 'ਤੇ
ਤੇਰੇ ਸਾਹਵੇਂ ਖੜਾ ਹੋਵੇ
ਜੋ ਮੈਲੇ ਹੋ ਚੁੱਕੇ ਲੋਹੇ ਨੂੰ
ਆਪਣੇ ਖੂਨ ਵਿਚ ਧੋਵੇ
ਕਿ ਜਿਸਦੀ ਮੌਤ ਪਿੱਛੋਂ
ਓਸ ਨੂੰ ਕੋਈ ਸ਼ਬਦ ਨਾ ਰੋਵੇ
ਕਿ ਜਿਸ ਨੂੰ ਪੀੜ ਤਾਂ ਕੀਹ
ਪੀੜ ਦਾ ਅਹਿਸਾਸ ਨਾ ਛੋਹਵੇ
ਜੋ ਲੋਹਾ ਪੀ ਸਕੇ ਉਹ ਗੀਤ
ਕਿਥੋਂ ਲੈ ਕੇ ਮੈਂ ਆਵਾਂ
ਮੈਂ ਆਪਣੀ ਪੀੜ ਦੇ ਅਹਿਸਾਸ ਕੋਲੋਂ
ਦੂਰ ਕਿੰਜ ਜਾਵਾਂ ।

ਮੈਂ ਤੇਰੀ ਉਸਤਤੀ ਦਾ ਗੀਤ
ਚਾਹੁੰਦਾ ਹਾਂ ਕਿ ਉਹ ਹੋਵੇ
ਜਿਦ੍ਹੇ ਹੱਥ ਸੱਚ ਦੀ ਤਲਵਾਰ
ਤੇ ਨੈਣਾਂ 'ਚ ਰੋਹ ਹੋਵੇ
ਜਿਦ੍ਹੇ ਵਿਚ ਵਤਨ ਦੀ ਮਿੱਟੀ ਲਈ
ਅੰਤਾਂ ਦਾ ਮੋਹ ਹੋਵੇ
ਜਿਦ੍ਹੇ ਵਿਚ ਲਹੂ ਤੇਰੇ ਦੀ
ਰਲੀ ਲਾਲੀ ਤੇ ਲੋਅ ਹੋਵੇ
ਮੈਂ ਆਪਣੇ ਲਹੂ ਦਾ
ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ
ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ ।

ਮੈਂ ਚਾਹੁੰਦਾ ਏਸ ਤੋਂ ਪਹਿਲਾਂ
ਕਿ ਤੇਰੀ ਆਰਤੀ ਗਾਵਾਂ
ਮੈਂ ਮੈਲੇ ਸ਼ਬਦ ਧੋ ਕੇ
ਜੀਭ ਦੀ ਕਿੱਲੀ 'ਤੇ ਪਾ ਆਵਾਂ
ਤੇ ਮੈਲੇ ਸ਼ਬਦ ਸੁੱਕਣ ਤੀਕ
ਤੇਰੀ ਹਰ ਪੈੜ ਚੁੰਮ ਆਵਾਂ
ਤੇਰੀ ਹਰ ਪੈੜ 'ਤੇ
ਹੰਝੂ ਦਾ ਇਕ ਸੂਰਜ ਜਗਾ ਆਵਾਂ
ਮੈਂ ਲੋਹਾ ਪੀਣ ਦੀ ਆਦਤ
ਜ਼ਰਾ ਗੀਤਾਂ ਨੂੰ ਪਾ ਆਵਾਂ
ਮੈਂ ਸ਼ਾਇਦ ਫੇਰ ਕੁਝ
ਭੇਟਾ ਕਰਨ ਯੋਗ ਹੋ ਜਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ
ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ
ਮੰਗਣ ਗੀਤ ਅੱਜ ਜਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹੜਾ ਗੀਤ ਅੱਜ ਗਾਵਾਂ ।

Tuesday, 1 October 2013

7. ਗੁਰੂ ਗੋਬਿੰਦ


ਸੁਬਰਮਣੀਯ ਭਾਰਤੀ ਦੀ ਤਮਿਲ ਕਵਿਤਾ ਪੰਜਾਬੀ ਵਿੱਚ
ਅਨੁਵਾਦਕ ਡਾਕਟਰ ਸੁਰਿੰਦਰ ਸਿੰਘ ਕੋਹਲੀ

ਵਿਕਰਮੀ : 1੭੫੬

1

ਗੁਰੂ ਗੋਬਿੰਦ ਸਿੰਘ ਸੂਰਮਾ ਯੋਧਾ ਬਲਕਾਰੀ,
ਅੰਮ੍ਰਿਤ ਉਸ ਵਰਿਆਮ ਦਾ, ਦਲ-ਠਾਕੁਰ ਭਾਰੀ,
ਸੋਮਾ ਬੀਰ ਪੰਜਾਬੀਆਂ, ਸਿੰਘਾਂ ਦਾ ਵਾਰੀ,
ਗਿਆਨ ਸਮੁੰਦਰ ਕਵੀ ਉਹ, ਖਗ ਉਦ੍ਹੀ ਨਿਆਰੀ,
ਥੰਮ ਰੱਖੇ ਢਹਿੰਦੇ ਅਰਸ਼ ਨੂੰ, ਵਾਹ ਛਬੀ ਪਿਆਰੀ,
ਰਾਣਾ, ਰਾਖਾ ਜਗਤ ਦਾ, ਜਾਵਾਂ ਬਲਿਹਾਰੀ ।

ਓਸ ਸੁਹਾਣੇ ਦਿਨ ਜਦੋਂ ਉਪਬਨ ਫਲ ਲੱਦੇ,
ਫੁਲ ਪਏ ਮਹਿਕਾਂ ਵੰਡਦੇ, ਬਾਗ਼ਾਂ ਦੇ ਮੱਧੇ,
ਦੱਭ ਹਰੀ ਦੀਆਂ ਵਾੜੀਆਂ, ਸਭ ਦੇਵਣ ਸੱਦੇ :
*ਸ਼ੁਭ ਸ਼ੁਭ ਤੇਰਾ ਆਵਣਾ, ਰਹੀਏ ਹੱਥ-ਬੱਧੇ*
ਸੁਣਨ ਲਈ ਗੁਰਦੇਵ ਨੂੰ, ਜੁੜ ਪਏ ਸਿਖ ਤੱਦੇ ।

ਬੋਲ ਕੀ ਹੋਣੇ ਉਨ੍ਹਾਂ ਦੇ, ਕੀ ਨਵਾਂ ਸੁਨੇਹਾ ?
ਜੀਵਨ ਮਧੁਰ ਬਣਾਨ ਨੂੰ ਹੁਣ ਫ਼ਰਜ਼ ਕਿਵੇਹਾ ?
ਲਗਦੇ ਵਾਂਗੂੰ ਸੁਰਾਂ ਦੇ, ਕੁਝ ਸੋਚ ਇਵੇਹਾ,
ਖੜ ਸਾਹਵੇਂ ਗੁਰਦੇਵ ਦੇ, ਜੋਸ਼ੀਲੇ ਏਹਾ ।

2

ਅਚਨਚੇਤੀ ਥੜ੍ਹੇ ਤੇ ਉਹ ਸੂਰਤ ਪਿਆਰੀ,
ਭਰ ਜੋਬਨ ਤੇ ਸ਼ਾਨ ਵਿਚ, ਉਹ ਭੁਜ-ਬਲ ਧਾਰੀ,
ਆਣ ਖਲੋਤੀ ਸਾਹਮਣੇ, ਦਿਬ-ਜੋਤ ਪਸਾਰੀ,
ਉਹਦੇ ਨੈਣੋਂ ਨਿਕਲਣ, ਲਾਟਾਂ ਕਰਤਾਰੀ,
ਬਾਂਹ ਉੱਚੀ ਕਰ ਫੜੀ ਹੈ, ਇਕ ਤੇਜ਼ ਕਟਾਰੀ,
ਤਕ ਇਹ ਅੱਗ ਦੀ ਪੁਤਲੀ, ਡਰ ਲਗਦਾ ਭਾਰੀ,
ਸ਼ੇਰਾਂ ਦਾ ਦਲ ਜਿਸ ਤਰ੍ਹਾਂ, ਵੇਖੇ ਬਲਕਾਰੀ,
ਅਰਸ਼ੀ ਜਾਦੂਗਰ ਤਈਂ, ਚੁੱਪ ਸ਼ਾਂਤੀ ਧਾਰੀ,
ਤਿਵੇਂ ਅਸੰਖਾਂ ਸੀਸ ਤਦ ਨਿੰਵ ਗਏ, ਨਰ ਨਾਰੀ ।

ਬਿਜਲੀ ਵਾਂਗੂੰ ਲਿਸ਼ਕਦੀ ਤਲਵਾਰ ਉਠਾਈ,
ਬ੍ਰਹਮ-ਸੁਤ ਖੋਹਲੇ ਹੋਠ ਤਦ, ਧੁਰ ਅੰਦਰੋਂ ਆਈ,
ਬਾਣੀ ਜਵਾਲਾ-ਮੁਖੀ ਬਣ, ਆਦੇਸ਼ ਖ਼ੁਦਾਈ :
*ਮੈਂ ਚਾਹਾਂ ਇਹੋ ਖੁਭੋ ਦਿਆਂ ਸ਼ਮਸ਼ੀਰ ਨਿਆਰੀ,
ਮਾਨਵ ਦਿਲ ਦੇ ਅੰਦਰੇ, ਲਾ ਸੱਟ ਕਰਾਰੀ,
ਧਰਮ ਚਾਹੇ ਪੀ ਜਾਵਣਾ ਹੈ ਖ਼ੂਨ ਬਲੀ ਦਾ,
ਸਿੱਖੋ ਮੇਰੇ ਪਿਆਰਿਓ, ਵਿਚ ਕੌਣ ਤੁਹਾਡੇ,
ਜੋ ਦਿਲ ਨੰਗਾ ਕਰ ਦਏ, ਰਤ ਲਾਲ ਖਿਲਾਰੇ,
ਮਾਂ ਦੇਵੀ ਦੀ ਪਿਆਸ ਨੂੰ ਝਟ ਆਣ ਬੁਝਾਵੇ ?*
ਬੁਤ ਬਣੇ ਇਕ ਪਲ ਲਈ ਸਿਖ ਬੋਲ ਨਾ ਸਕਣ ।
ਇਕ ਪਲ ਸਾਰੇ ਛਾ ਰਹੀ ਸੰਪੂਰਨ ਚੁਪ ਚਾਂ ।
ਫਿਰ ਸੰਗਤ 'ਚੋਂ ਉਠਿਆ ਇਕ ਬੀਰ ਅਨੋਖਾ,
ਉਸ ਨਾਇਕ ਨੇ ਮੁੱਖ ਤੋਂ ਇਹ ਸ਼ਬਦ ਉਚਾਰੇ :
*ਹੇ ਸਤਿਗੁਰ ! ਮੈਂ ਮਰਾਂਗਾ, ਤਲਵਾਰ ਉਠਾਓ,
ਅਤੇ ਪਿਆਰੇ ਧਰਮ ਦੀ ਹੁਣ ਪਿਆਸ ਬੁਝਾਓ,
ਦਿਓ ਅਸੀਸ ਇਸ ਪੁਰਸ਼ ਨੂੰ ਤੇ ਭੇਟ ਉਠਾਓ ।*
ਗੁਰੂ ਸੰਤ ਮੁਸਕਾ ਪਏ ਲੈ ਗਏ ਵਿਚ ਮੰਦਰ
ਜਿਥੋਂ ਧਾਰਾ ਖ਼ੂਨ ਦੀ ਵਹਿੰਦੀ ਹੋਈ ਦਿੱਸੀ,
ਵੇਖੋ ਫਿਰ ਗੁਰਦੇਵ ਨੂੰ, ਮੁਸਕਾਂਦੇ ਆਏ,
ਬਲੀ ਚਾੜ੍ਹ ਕੇ ਸਿਖ ਨੂੰ ਤਲਵਾਰ ਉਠਾਏ,
ਬਿਜਲੀ ਸਉਣ ਵਾਂਗਰਾਂ ਖੜ ਸਤਿਗੁਰ ਪੂਰੇ,
ਫੜ ਰੱਤ-ਭਿੰਨੀ ਸਿਰੀ ਸਾਹਿਬ ਇਉਂ ਬਾਣੀ ਬੋਲੇ :
ਮੁੜ ਚਾਹਾਂ ਚਲਾਣੀ ਸ੍ਰੀ ਸਾਹਿਬ ਇਕ ਜੀਂਦੇ ਦਿਲ ਵਿਚ
ਮਾਂ ਦੇਵੀ ਚਾਹੇ ਬਲੀ ਫੇਰ ਇਕ ਹੋਰ ਮਨੁੱਖ ਦੀ
ਸਿੱਖੋ ਕੀ ਕੋਈ ਹੋਰ ਹੈ ਜੋ ਪਿਆਸ ਬੁਝਾਵੇ,
ਰਤ ਪੀਣੀ ਕਲਿਕਾ ਮਾਤ ਦੀ ?* ਹੁਣ ਦੂਜਾ ਆਵੇ
ਸੁਣ ਕੇ ਏਸ ਵੰਗਾਰ ਨੂੰ, ਬਲੀ ਹੋਣਾ ਚਾਹਵੇ;
ਮੰਦਰ ਅੰਦਰ ਲੈ ਗਏ ਉਹਨੂੰ ਸਤਿਗੁਰ ਸੂਰੇ,
ਧਾਰਾ ਤਕ ਕੇ ਖ਼ੂਨ ਦੀ ਲੋਕਾਈ ਕੰਬੀ
ਏਦਾਂ ਹੀ ਸਤਿਗੁਰੂ ਜੀ ਪੰਜ ਵਾਰੀ ਆਏ,
ਪੰਜ ਸੂਰਮੇ ਨਿੱਤਰੇ ਪਿਆਰੇ ਅਖਵਾਏ ।



ਨਿਰੇ ਗਿਆਨ ਸੰਗ ਕੋਈ ਨਾ ਵੱਡਾ ਬਣ ਜਾਵੇ,
ਅਸਲੀ ਵੱਡਾ ਉਹ, ਜੋ ਛਾਤੀ ਡਾਹਵੇ,
ਸ੍ਰੀ ਸਾਹਿਬ ਦੇ ਸਾਹਮਣੇ, ਸਿਰ ਬਲੀ ਚੜ੍ਹਾਵੇ,
ਏਦਾਂ ਹੋ ਕੁਰਬਾਨ ਉਹ, ਬ੍ਰਹਮ ਤਾਈਂ ਪਾਵੇ ।
ਗੁਰੂ ਦਿਆਲੂ ਵਰਤਿਆ ਇਹ ਅਜਬ ਤਰੀਕਾ
ਲੱਖਾਂ ਵਿਚੋਂ ਚੁਣਨ ਲਈ, ਇਹ ਪੰਜੇ ਸੂਰੇ ।
ਵੇਖ ਅਸੰਖੋਂ ਨਿਤਰਦੇ ਕੁਰਬਾਨੀ ਖ਼ਾਤਰ,
ਹੋ ਪ੍ਰਸੰਨ ਤਦ ਸਤਿਗੁਰੂ ਮੰਦਰ 'ਚੋਂ ਆਏ,
ਨਾਲ ਲਿਆਏ ਆਪਣੇ ਪੰਜ ਸੂਰੇ ਨਾਇਕ,
ਖਲਕ ਸਮਝਦੀ ਜਿਨ੍ਹਾਂ ਨੂੰ ਚੜ੍ਹ ਬਲੀ ਪਧਾਰੇ,
ਸੁਰਗਾਂ ਅੰਦਰ ਪੁੱਜ ਗਏ, ਹਨ ਗੁਰੂ ਦੁਆਰੇ ।
ਪਰ ਜਦ ਵੇਖੇ ਸੂਰਮੇ, ਅਚਰਜ ਹੋ ਝਾਕਣ
ਅਤ ਵਿਸਮਾਦੀ ਖ਼ੁਸ਼ੀ ਵਿਚ, ਜੈਕਾਰੇ ਛੱਡਣ ।
ਧੰਨ ਧੰਨ ਕਲਗੀ ਵਾਲਿਆ ! ਤੇਰੀ ਸ਼ਾਨ ਨਿਰਾਲੀ,
ਦਿਲ ਸ਼ੇਰ ਦਾ ਦੇ ਗਿਆ ਹੈ ਅਜ ਵਿਖਾਲੀ ।
ਲਸਦੇ ਸੂਰਜ ਵਾਂਗਰਾਂ ਅਵਤਾਰ ਮਿਹਰ ਦੇ
ਸਤਿਗੁਰ ਪੰਜਾਂ ਸੂਰਿਆਂ ਨੂੰ ਗਲੇ ਲਗਾਇਆ,
ਦੇ ਅਸੀਸਾਂ ਉਨ੍ਹਾਂ ਨੂੰ, ਫਿਰ ਇਹ ਫ਼ੁਰਮਾਇਆ,
ਸ਼ਬਦਾਂ ਦੀ ਧੁਨ ਇਉਂ ਲੱਗੇ ਜਿਉਂ ਘਨਹਰ ਗਰਜੇ :
*ਮੇਰੇ ਪਿਆਰੇ ਦੂਲਿਓ ! ਕੀ ਤੁਸੀਂ ਨਾ ਜਾਣੋ,
ਭਾਰਤ ਮਾਂ ਤੇ ਕਾਲਿਕਾ ਹਨ ਇਕੋ ਦੋਵੇਂ,
ਜਦ ਮੈਂ ਪੰਜਾਂ ਸੂਰਿਆਂ ਨੂੰ ਬਲੀ ਚੜ੍ਹਾਇਆ,
ਭਰਮ ਅਜਿਹਾ ਉਪਜਿਆ, ਤੁਸੀਂ ਸਾਰੇ ਕੰਬੇ ।
ਕੀ ਮੈਂ ਚਾਹਵਾਂ ਮਾਰਨਾ ਸਿਖ ਆਪਣੇ ਹੱਥੀਂ ?
ਪੰਜ ਵੇਰੀ ਮੈਂ ਪਿਆਰਿਆਂ ਦੇ ਤਈਂ ਲੁਕਾਇਆ,
ਲੈ ਪਰਤਾਵਾ ਤੁਸਾਂ ਦਾ, ਮੈਂ ਸਹਿਮ ਵਧਾਇਆ,
ਜਾਣਾ ਮੈਂ ਤੁਸੀਂ ਦੇਸ਼-ਭਗਤ ਸੁੱਚੇ ਦਿਲ ਵਾਲੇ
ਵੇਖੋ ਪੰਜੇ ਬਲੀ ਨੇ ਹਨ ਤੁਹਾਡੇ ਸਾਹਵੇਂ,
ਪਰਤਾਵੇ ਚਮਕਾ ਦਿੱਤੀ ਹੈ ਸ਼ਾਨ ਤੁਹਾਡੀ,
ਮੇਰੇ ਦਿਲ ਅਨੰਦ ਹੈ, ਸੁਖ ਸ਼ਾਂਤੀ ਭਾਰੀ ।*



ਗੁਰੂ ਗੋਬਿੰਦ ਸਿੰਘ ਪਰਖਿਆ ਜਦ ਸਿਖਾਂ ਤਾਈਂ,
ਤਦੋਂ ਖ਼ਾਲਸਾ ਜਨਮਿਆ, ਇਹ ਚੋਣ-ਵਿਧੀ ਸੀ,
ਪਹਿਲੇ ਪੰਜ ਸਨ ਖ਼ਾਲਸਾ, ਫ਼ੁਰਮਾਨ ਗੁਰੂ ਦਾ,
ਚੜ੍ਹਦੀ ਕਲਾ ਤੇ ਸੂਰਮਤ ਨਾ ਕਦੇ ਗਵਾਚੀ,
ਬਹੁਤ ਪੁਰਾਣੇ ਸਮੇਂ ਵਿਚ ਵੀ ਭਾਰਤ ਅੰਦਰ,
ਗੁਰੂ ਸੰਤ ਨੇ ਦਸਿਆ ਦੁਨੀਆਂ ਦੇ ਤਾਈਂ,
ਸਾਰੀ ਕੌਮ ਹੀ ਹੋ ਸਕੇ ਵਰਿਆਮ ਬਹਾਦਰ ।
ਸਮੇਂ ਪੁਰਤਨ ਵਿਚ ਸੀ ਅਵਤਾਰ ਕ੍ਰਿਸ਼ਨ ਦਾ,
ਜਿਸ ਦੇ ਦੈਵੀ ਬੋਲ ਹੀ ਸਨ ਸਾਖੀ ਭਰਦੇ,
ਭਾਰਤ ਦੇਸ਼ ਅਸਾਡੜਾ ਹੈ ਅਮਰ, ਸਦੀਵੀ ।
ਸਦਜਵਾਨ ਬਲਵਾਨ ਹੈ ਸਾਡੀ ਮਾਂ ਦੇਵੀ,
ਸਵੈ-ਰਖਿਆ ਕਰ ਆਪ ਵੀ ਉਹ ਰਮਦੀ ਰਹਿੰਦੀ ।
ਕਰਤੇ ਜਿਉਂ ਪੰਜ ਤਤ ਤੋਂ ਹੈ ਸ੍ਰਿਸ਼ਟ ਉਸਾਰੀ,
ਇਵੇਂ ਖ਼ਾਲਸਾ ਜਨਮਿਆ ਪੰਜ ਬੀਰਾਂ ਤੋਂ ਹੀ ।
ਫਲਿਆ ਧਰਮ ਤੇ ਦੁਸ਼ਟਤਾ ਘਬਰਾਈ, ਕੰਬੀ,
ਦੇਵੀ ਤਦੋਂ ਸੁਤੰਤਰਤਾ, ਖ਼ੁਸ਼ ਹੋ ਮੁਸਕਾਈ ।


ਛਬੀ ਪਿਆਰੀ ਲਗਦੀ ਦੇਵਾਂ ਦੇ ਤਾਈਂ
ਸੰਗਤ ਅੰਦਰ ਤਖ਼ਤ ਤੇ ਗੁਰੂ ਗੋਬਿੰਦ ਸਿੰਘ ਦੀ,
ਗਿਰਦੇ ਉਸ ਦੇ ਸਜ ਰਹੇ ਪੰਜ ਰਿਸ਼ੀ ਪਿਆਰੇ,
ਬਸਤਰ ਹਾਰ ਪਹਿਨਾਇ ਕੇ ਹਨ ਕੋਲ ਬਿਠਾਏ ।
ਪਿਆਰੇ ਉਸ ਨੂੰ ਉਹ, ਜਿਵੇਂ ਸਵੈ-ਨੈਨ ਪਿਆਰੇ ।
*ਵੇਖੋ ਪਹਿਲਾ ਖ਼ਾਲਸਾ, ਰਖਿਆ ਲਈ ਆਇਆ,
ਖ਼ਾਤਰ ਦੇਸ਼ ਤੇ ਧਰਮ ਦੀ, ਸਤਿਗੁਰੂ ਵਰੋਸਾਇਆ ।*
ਨੇੜੇ ਦੀ ਇਕ ਨਦੀ ਤੋਂ ਜਲ ਲੈ ਕੇ ਆਏ,
ਲੋਹ-ਬਾਟੇ ਵਿਚ ਰੱਖ ਕੇ ਕਿਰਪਾਨ ਚਾ ਫੇਰੀ,
ਦਿੱਤੀ ਫੇਰ ਅਸੀਸ ਉਨ, ਰਿਸ਼ੀਆਂ ਦੇ ਤਾਈਂ,
ਇਉਂ ਅਲਾਇਆ ਸਾਹਿਬਾਂ, ਪ੍ਰਣ ਕੀਤਾ ਏਦਾਂ,
ਦੇਵੀ ਫ਼ਤਹ ਹੈ ਆ ਗਈ, ਸੰਗਤ ਦੇ ਅੰਦਰ ।
ਜੋ ਖੰਡਾ ਬਾਟੇ ਫੇਰਿਆ ਉਸ ਬੀਰਤਾ ਪਾਈ,
ਜਨ-ਸਮੂਹ ਭਾਰਤ ਲਈ ਵਰਿਆਮਤਾ ਆਈ ।
ਸਭ ਸੰਗਤ ਮਹਿਸੂਸ ਲਈ ਇਕ ਅਜਬ ਝੁਣਝੁਣੀ,
ਤਦੋਂ ਸ੍ਰੀ ਗੁਰਦੇਵ ਨੇ ਪੰਜਾਂ ਦੇ ਉੱਤੇ,
ਪਾਵਨ ਜਲ ਨੂੰ ਛਿੜਕਿਆ ਤੇ ਨਾਲ ਮਿਹਰ ਦੇ
ਨੈਨ ਉਨ੍ਹਾਂ ਦੇ ਛੁਹ ਲਏ ਸਨ ਸਤਿਗੁਰ ਪੂਰੇ ।



ਨਵੀਂ ਜ਼ਿੰਦਗੀ ਭਾਰਤੀ ਦਾ ਆਰੰਭ ਹੋਇਆ,
ਸਭ ਸਿਖਾਂ ਲਈ ਦੀਖਿਆ, ਸ਼ੁਧ ਹੋਏ ਸਾਰੇ ।
ਤਦੋਂ ਸ੍ਰੀ ਗੁਰਦੇਵ ਨੇ ਏਦਾਂ ਫ਼ੁਰਮਾਇਆ :
*ਪਿਆਰੇ ਸਿੱਖੋ ! ਤੁਸਾਂ ਨੇ ਅੰਮ੍ਰਿਤ ਹੈ ਪੀਤਾ,
ਇਹੋ ਦੀਖਿਆ ਤੁਸਾਂ ਦੀ, ਇਹ ਨਦਰ ਅਲੌਕਿਕ,
ਜਿਸ ਪਾਈ ਉਸ ਜਿਣ ਲਿਆ ਹੈ ਪਦ ਸਦੀਵੀ ।
ਸੁਣੋ ਜਿਵੇਂ ਮੈਂ ਦਸਦਾ ਕੁਝ ਅਮਲ ਧਰਮ ਦੇ;
ਇਕੋ ਹੈ ਪਰਮਾਤਮਾ ਤੇ ਸਾਰੇ ਭਾਈ
ਇਕੋ ਜਿਹੇ ਸਭ ਲੋਕ ਹਨ ਸਭ ਜੰਮੇ ਸੁਤੰਤਰ ।
ਸਾਰੇ ਭੇਦ ਮੁਕਾ ਦਿਉ, ਹੇ ਮੇਰੇ ਸਿੱਖੋ !
ਵਖਰਾਪਨ ਤਾਂ ਮੌਤ ਹੈ, ਵੰਡ ਪਾਉਣ ਵਾਲੇ
ਵਿਚ ਹਜ਼ਾਰਾਂ ਜਾਤੀਆਂ ਸਭ ਮਰ ਮੁਕ ਜਾਂਦੇ ।
ਇਕੋ ਜਾਤ ਤੁਹਾਡੜੀ ਵਰਿਆਮਤਾ ਭਾਈ,
ਕਰਦੀ ਰਖਿਆ ਸੱਚ, ਧਰਮ ਤੇ ਆਜ਼ਾਦੀ ਦੀ,
ਇਹ ਵੈਰਨ ਹੈ ਜ਼ੁਲਮ ਦੀ, ਤੁਸੀਂ ਜਾਤ ਬਹਾਦਰ,
ਕੇਸ, ਕੜਾ, ਕਿਰਪਾਨ ਤੇ ਕੱਛ ਪਹਿਨਣ ਵਾਲੇ ।
ਰਾਜਾ ਕੋਈ ਨਾ ਤੁਸਾਂ ਦਾ, ਇਕੋ ਰੱਬ ਰਾਜਾ,
ਇਕੋ ਇਕ ਹੈ ਧਰਮ ਦਾ ਕਾਨੂੰਨ ਤੁਹਾਡਾ ।
ਮਾੜੀ ਕਰਨੀ ਤੁਸਾਂ ਦੀ ਹੈ ਵੈਰਨ ਭਾਈ ।
ਧਰਮ ਕਦੇ ਛੁਟਿਆਉ ਨਾ, ਨਾ ਬਣੋ ਅਧਰਮੀ ।
ਜੀਵੋ ਤੁਸੀਂ ਚਿਰਾਂ ਤਕ ਖਟ ਨਾਮ ਨਾਮਣਾ,
ਸੇਵਾ ਦੇਸ਼-ਭਲਾਈ ਦੀ ਵਿਚ ਤਤਪਰ ਰਹਿੰਦੇ ।*
ਇਹ ਅਸੀਸ ਦੇ ਸਿਖਾਂ ਨੂੰ ਸਾਹਿਬ ਚੁਪ ਧਾਰੀ,
ਗੁਰ ਮਹਿਮਾ ਗਾ ਸਿੱਖਾਂ ਨੇ ਫਿਰ ਫ਼ਤਹ ਉਚਾਰੀ,
ਝੰਡਾ ਗੁਰੂ ਗੋਬਿੰਦ ਦਾ ਉੱਚਾ ਹੋ ਝੁਲਿਆ,
ਸਾਰਾ ਜਗ ਜਹਾਨ ਸੀ ਖ਼ੁਸ਼ੀਆਂ ਵਿਚ ਫੁਲਿਆ,
ਇਹੋ ਤਾਂ ਆਰੰਭ ਸੀ ਬਲਵੰਤ ਹੋਣ ਦਾ,
ਔਰੰਗਜ਼ੇਬੀ ਰਾਜ ਦੇ ਫਿਰ ਅੰਤ ਹੋਣ ਦਾ ।

(ਵਿਕਰਮੀ : 1੭੫੬=1੬੯੯ ਈਸਵੀ,
ਬ੍ਰਹਮ-ਸੁਤ=ਰੱਬ ਦਾ ਪੁੱਤਰ, ਲਸਦੇ=ਚਮਕਦੇ,
ਘਨਹਰ=ਬੱਦਲ)

DR.GURINDER SINGH

Monday, 30 September 2013

ਕਾਫ਼ੀ ਗੁਰੂ ਨਾਨਕ ਦੇਵ ਜੀ

ਜਿਨ੍ਹ੍ਹੀ ਨਾਮੁ ਵਿਸਾਰਿਆ

ਜਿਨ੍ਹ੍ਹੀ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ ॥
ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥੧॥
ਬਿਨੁ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ ॥
ਗੁਰਮੁਖਿ ਹੋਇ ਤ ਛੂਟੀਐ ਮਨਮੁਖਿ ਪਤਿ ਖੋਈ ॥੧॥
ਜਿਨ੍ਹ੍ਹੀ ਏਕੋ ਸੇਵਿਆ ਪੂਰੀ ਮਤਿ ਭਾਈ ॥
ਆਦਿ ਜੁਗਾਦਿ ਨਿਰੰਜਨਾ ਜਨ ਹਰਿ ਸਰਣਾਈ ॥੨॥
ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥
ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ ॥੩॥
ਗੁਰ ਬਿਨੁ ਕਿਨੈ ਨ ਪਾਇਓ ਕੇਤੀ ਕਹੈ ਕਹਾਏ ॥
ਆਪਿ ਦਿਖਾਵੈ ਵਾਟੜੀਂ ਸਚੀ ਭਗਤਿ ਦ੍ਰਿੜਾਏ ॥੪॥
ਮਨਮੁਖੁ ਜੇ ਸਮਝਾਈਐ ਭੀ ਉਝੜਿ ਜਾਏ ॥
ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ ॥੫॥
ਜਨਮਿ ਮਰੈ ਭਰਮਾਈਐ ਹਰਿ ਨਾਮੁ ਨ ਲੇਵੈ ॥
ਤਾ ਕੀ ਕੀਮਤਿ ਨਾ ਪਵੈ ਬਿਨੁ ਗੁਰ ਕੀ ਸੇਵੈ ॥੬॥
ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥
ਆਪਿ ਕਰੇ ਕਿਸੁ ਆਖੀਐ ਵੇਖੈ ਵਡਿਆਈ ॥੭॥
ਗੁਰ ਕੀ ਸੇਵਾ ਸੋ ਕਰੇ ਜਿਸੁ ਆਪਿ ਕਰਾਏ ॥
ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ ॥੮॥੧੮॥੪੨੦॥

(ਦੂਜੈ ਭਰਮਿ=ਦੂਜੇ ਭੁਲੇਖੇ ਵਿਚ, ਮੂਲੁ=ਮੁੱਢ, ਡਾਲੀ=ਡਾਲਾਂ ਵਿਚ
ਮਾਇਆ ਦੇ ਪਸਾਰੇ ਵਿਚ, ਛਾਈ=ਸੁਆਹ, ਕੇਤੀ=ਬਥੇਰੀ ਲੋਕਾਈ,
ਵਾਟੜੀ=ਸੋਹਣੀ ਵਾਟ)

 ਗੁਰਿੰਦਰ ਸਿੰਘ





Sunday, 29 September 2013

ਧਾਰਮਕ ਸਭਾ ਦੇ ਵਿਦਿਆਰਥੀਓ ਆਪ ਜੀ ਨੂੰ ਇਹ ਬਲਾਗ ਮੁਬਾਰਕ ਇਹ ਆਪ ਜੀ ਦੀਆਂ ਕਾਰਗੁਜ਼ਾਰੀਆਂ ਦਾ
 ਲੇਖਾ-ਜੋਖਾ ਰਖੇਗੀ .......ਅਸੀਂ ਇਸ ਨੂੰ ਅਨਹਦ ਦਾ ਦਰਪਣ ਬਣਾਵਾਂਗੇ......ਡਾ. ਗੁਰਿੰਦਰ ਸਿੰਘ.......

Saturday, 28 September 2013

Anhad Divinity Society is the religious society of S.G.T.B. Khalsa College, Delhi Unversity. The Main aim of this society is to promote about our religion (sikhism) to as many people as we can and also to make them know about what sacrifices our GURUS  made for the rest of the Humanity. We simply believe that if you want to get a work done, the best possible for doing that work is to gather more n more people with yourself and tell about your work and themn the UNITY POWER.